There were 784 press releases posted in the last 24 hours and 404,547 in the last 365 days.

ਸਥਾਨਕ ਗੈਸ ਸਟੇਸ਼ਨ ਦੇ ਮਾਲਕਾਂ ਨਾਲ ਧੋਖਾ ਕਰਨ ਦੇ ਲਈ Pierce ਕਾਉਂਟੀ ਵਿੱਚ ਕਾਰੋਬਾਰ ਦੇ ਮਾਲਕ ਨੂੰ $360K ਦਾ ਭੁਗਤਾਨ ਕਰਨਾ ਪਵੇਗ…

ਇਸ ਘਟੀਆ ਜਿਹੇ ਕੰਮ ਨਾਲ ਜ਼ਮੀਨ ਹੇਠਾਂ ਤੇਲ ਲੀਕ ਹੋਣ ਦਾ ਖਤਰਾ ਵਧ ਗਿਆ ਹੈ। Kevin Wilkerson ਅਤੇ ਉਹਨਾਂ ਦੀਆਂ ਕੰਪਨੀਆਂ ਨੇ ਇਸ ਕੰਮ ਲਈ ਹਜ਼ਾਰਾਂ ਡਾਲਰ ਗੈਰ-ਕਾਨੂੰਨੀ ਤਰੀਕੇ ਨਾਲ ਵਸੂਲ ਕੀਤੇ ਹਨ।

TACOMA — ਸ਼ੁੱਕਰਵਾਰ ਨੂੰ, Pierce ਕਾਉਂਟੀ ਦੇ ਇੱਕ ਜੱਜ ਨੇ ਅੰਡਰਗਰਾਉਂਡ ਤੇਲ ਸਟੋਰੇਜ ਟੈਂਕਾਂ ਲਈ ਕੀਤੇ ਅਧੂਰੇ, ਬੇਲੋੜੇ ਜਾਂ ਘਟੀਆ ਕੰਮ ਵਾਸਤੇ ਗੈਸ ਸਟੇਸ਼ਨ ਦੇ ਮਾਲਕਾਂ ਕੋਲੋਂ ਗੈਰ-ਕਾਨੂੰਨੀ ਤਰੀਕੇ ਨਾਲ ਭੁਗਤਾਨ ਲੈਣ ਲਈ ਇੱਕ ਸਥਾਨਕ ਕਾਰੋਬਾਰ ਦੇ ਮਾਲਕ ਨੂੰ $360,000 ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ ਅਤੇ ਭੁਗਤਾਨ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਇਹ ਹੁਕਮ ਅਟਾਰਨੀ ਜਨਰਲ Bob Ferguson ਦੇ ਵਿੰਗ ਲਿਊਕ ਸਿਵਲ ਰਾਈਟਸ ਡਿਵੀਜ਼ਨ ਦੁਆਰਾ ਦਾਇਰ ਕੀਤੇ ਗਏ ਖਪਤਕਾਰ ਸੁਰੱਖਿਆ ਮੁਕੱਦਮੇ ਦੇ ਨਤੀਜੇ ਵਜੋਂ ਜਾਰੀ ਹੋਇਆ ਹੈ।

ਇਸ ਫੈਸਲੇ ਵਿੱਚ 9 ਗੈਸ ਸਟੇਸ਼ਨਾਂ ਦੇ ਮਾਲਕਾਂ ਨੂੰ ਵਿਆਜ ਸਮੇਤ ਪੂਰਾ ਮੁਆਵਜ਼ਾ ਦੇਣ ਦਾ ਹੁਕਮ ਸ਼ਾਮਲ ਹੈ — ਇਹਨਾਂ ਮਾਲਕਾਂ ਵਿੱਚੋਂ ਇੱਕ ਨੂੰ ਛੱਡ ਕੇ ਸਾਰੇ ਕੋਰੀਆਈ ਜਾਂ ਦੱਖਣੀ ਏਸ਼ੀਆਈ ਹਨ — ਜਿਹਨਾਂ ਨਾਲ Kevin Wilkerson ਅਤੇ ਉਹਨਾਂ ਦੀਆਂ ਕੰਪਨੀਆਂ, Northwest Environmental Services ਅਤੇ Core Environmental Group ਨੇ ਧੋਖਾ ਕੀਤਾ ਹੈ। Wilkerson ਨੇ ਛੋਟੇ ਕਾਰੋਬਾਰਾਂ ਤੋਂ ਉਸ ਕੰਮ ਲਈ ਪੈਸੇ ਲਏ ਹਨ ਜੋ ਉਹਨਾਂ ਨੇ ਕੀਤਾ ਹੀ ਨਹੀਂ ਹੈ ਜਾਂ ਇੰਨਾ ਮਾੜਾ ਕੰਮ ਕੀਤਾ ਹੈ ਕਿ ਕਾਰੋਬਾਰਾਂ ਨੂੰ ਉਹੀ ਕੰਮ ਦੁਬਾਰਾ ਖਰਚਾ ਕਰਕੇ ਦੂਜੀਆਂ ਕੰਪਨੀਆਂ ਤੋਂ ਕਰਵਾਉਣਾ ਪਿਆ ਹੈ। ਬਹੁਤ ਸਾਰੇ ਮਾਮਲਿਆਂ ਵਿੱਚ, ਜਦੋਂ ਗੈਸ ਸਟੇਸ਼ਨ ਦੇ ਮਾਲਕਾਂ ਨੇ Wilkerson ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਹਨਾਂ ਨੂੰ ਜਵਾਬ ਦੇਣਾ ਹੀ ਬੰਦ ਕਰ ਦਿੱਤਾ ਸੀ ਅਤੇ ਅਦਾ ਕੀਤੀ ਰਕਮ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ।

Ferguson ਨੇ ਕਿਹਾ ਕਿ “ਮੇਰਾ ਆਫ਼ਿਸ ਵਾਸ਼ਿੰਗਟਨ ਵਿੱਚ ਛੋਟੇ ਕਾਰੋਬਾਰਾਂ ਦੇ ਹੱਕ ਵਿੱਚ ਖੜ੍ਹਾ ਹੈ ਜੋ ਨਿਯਮਾਂ ਦੀ ਪਾਲਣਾ ਕਰਦੇ ਹਨ ਅਤੇ ਸਾਡੀ ਅਰਥ-ਵਿਵਸਥਾ ਵਿੱਚ ਯੋਗਦਾਨ ਦਿੰਦੇ ਹਨ। ਉਹਨਾਂ ਦੇ ਭਰੋਸੇ ਨੂੰ ਤੋੜਨਾ ਅਤੇ ਉਹਨਾਂ ਦੀ ਰੋਜ਼ੀ-ਰੋਟੀ ਨੂੰ ਜੋਖਮ ਵਿੱਚ ਪਾਉਣਾ ਮੰਦਭਾਗਾ ਹੈ। ਅਸੀਂ ਉਹਨਾਂ ਸਾਰਿਆਂ ਲੋਕਾਂ ਖਿਲਾਫ਼ ਕਾਰਵਾਈ ਕਰਾਂਗੇ ਜੋ ਵਾਸ਼ਿੰਗਟਨ ਦੇ ਮਿਹਨਤੀ ਛੋਟੇ ਕਾਰੋਬਾਰੀਆਂ ਨਾਲ ਧੋਖਾ ਕਰਦੇ ਹਨ।”

Olympia ਦੇ ਗੈਸ ਸਟੇਸ਼ਨ ਦੇ ਮਾਲਕ, ਜੋ 40 ਸਾਲ ਪਹਿਲਾਂ ਸੰਯੁਕਤ ਰਾਜ ਅਮਰੀਕਾ ਆਕੇ ਵੱਸ ਗਏ ਸਨ, ਨੇ Attorney General’s Office (ਅਟਾਰਨੀ ਜਨਰਲ ਦੇ ਆਫ਼ਿਸ) ਨੂੰ ਦੱਸਿਆ: "(Wilkerson) ਨੇ ਮੇਰੇ ਤੋਂ ਪੈਸੇ ਲੈ ਲਏ ਅਤੇ ਫਿਰ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਮੈਂ ਉਹਨਾਂ ਉੱਤੇ ਭਰੋਸਾ ਕੀਤਾ। ਉਹਨਾਂ ਨੂੰ ਇਸ ਖੇਤਰ ਵਿੱਚ ਮਾਹਰ ਮੰਨਿਆ ਜਾਂਦਾ ਸੀ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਹ ਕੀ ਕਰ ਰਹੇ ਹਨ। ਜੇ ਉਹ ਕਹਿੰਦਾ ਸੀ ਕਿ ਇਹ ਕੰਮ ਕਰਨ ਦੀ ਲੋੜ ਹੈ, ਤਾਂ ਮੈਂ ਉਹਨਾਂ ਦੀ ਗੱਲ ਸੁਣਦਾ ਸੀ ਅਤੇ ਉਹਨਾਂ ਨੂੰ ਉਹ ਕੰਮ ਕਰਨ ਲਈ ਕਹਿੰਦਾ ਸੀ, ਕਿਉਂਕਿ ਮੈਨੂੰ ਉਹਨਾਂ ਉੱਤੇ ਭਰੋਸਾ ਸੀ। ਪਰ, (Wilkerson) ਅਤੇ NES ਨੇ ਉਹ ਕੰਮ ਕੀਤਾ ਜਿਸਨੂੰ ਕਰਨ ਦੀ ਕਾਬਲੀਅਤ ਉਹਨਾਂ ਕੋਲ ਨਹੀਂ ਸੀ ਅਤੇ ਇਸ ਪਿੱਛੇ ਮੈਨੂੰ ਹਜ਼ਾਰਾਂ ਡਾਲਰ ਖਰਚਣੇ ਪਏ।

Wilkerson ਦੇ ਇਸ ਗੈਰ-ਕਾਨੂੰਨੀ ਵਿਵਹਾਰ ਨੇ Pierce, King, Snohomish, Thurston, Grays Harbor ਅਤੇ Lewis ਕਾਉਂਟੀ ਦੇ ਛੋਟੇ ਕਾਰੋਬਾਰਾਂ ਉੱਤੇ ਬਹੁਤ ਮਾੜਾ ਅਸਰ ਪਾਇਆ ਹੈ।

Wilkerson ਦੇ ਇਸ ਗੈਰ-ਕਾਨੂੰਨੀ ਵਿਵਹਾਰ ਨੇ ਰਾਜ ਦੇ Consumer Protection Act (ਖਪਤਕਾਰ ਸੁਰੱਖਿਆ ਐਕਟ) ਦੀ ਉਲੰਘਣਾ ਕੀਤੀ ਹੈ। ਸ਼ੁੱਕਰਵਾਰ ਨੂੰ, Pierce ਕਾਉਂਟੀ ਦੇ ਸੁਪੀਰੀਅਰ ਕੋਰਟ ਦੇ ਜੱਜ Clarence Henderson, Jr. ਅੱਗੇ ਸਾਬਤ ਹੋਇਆ ਹੈ ਕਿ Wilkerson ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ Wilkerson ਨੂੰ ਕੁੱਲ $360,741 ਦਾ ਭੁਗਤਾਨ ਕਰਨ ਦਾ ਹੁਕਮ ਜਾਰੀ ਹੋਇਆ ਹੈ, ਜਿਸ ਵਿੱਚ ਵਾਸ਼ਿੰਗਟਨ ਵਿੱਚ ਵਿਅਕਤੀਆਂ ਨੂੰ ਉਹਨਾਂ ਦੇ ਰਾਸ਼ਟਰੀ ਮੂਲ ਦੇ ਅਧਾਰ 'ਤੇ ਨੁਕਸਾਨ ਪਹੁੰਚਾਉਣ ਲਈ $195,000 ਦਾ ਵਾਧੂ ਸਿਵਲ ਜੁਰਮਾਨਾ ਸ਼ਾਮਲ ਹੈ। Wilkerson ਨੂੰ 9 ਗੈਸ ਸਟੇਸ਼ਨਾਂ ਦੇ ਮਾਲਕਾਂ ਨੂੰ ਕੁੱਲ $165,741 ਦਾ ਭੁਗਤਾਨ ਕਰਨਾ ਹੋਵੇਗਾ, ਜਿਸ ਵਿੱਚ ਮੁਆਵਜ਼ੇ ਦੀ ਪੂਰੀ ਰਕਮ ਅਤੇ ਵਿਆਜ ਸ਼ਾਮਲ ਹੈ।

ਇਸ ਤੋਂ ਇਲਾਵਾ, Wilkerson ਅਤੇ ਉਹਨਾਂ ਦੀਆਂ ਕੰਪਨੀਆਂ ਨੂੰ ਸਾਰੇ ਗੈਰ-ਕਾਨੂੰਨੀ ਕੰਮ ਬੰਦ ਕਰਨੇ ਪੈਣਗੇ, ਨਹੀਂ ਤਾਂ ਉਹਨਾਂ ਨੂੰ ਅਦਾਲਤ ਵੱਲੋਂ ਹੋਰ ਜ਼ੁਰਮਾਨੇ ਵੀ ਲਗਾਏ ਜਾ ਸਕਦੇ ਹਨ।

Wilkerson ਦੀਆਂ ਕੰਪਨੀਆਂ ਅੰਡਰਗਰਾਉਂਡ ਸਟੋਰੇਜ ਟੈਂਕ ਦੇ ਰੱਖ-ਰਖਾਅ ਦੇ ਕੰਮ ਦਾ ਇਸ਼ਤਿਹਾਰ ਦਿੰਦੀਆਂ ਹਨ, ਇਹ ਟੈਂਕ ਪੂਰੇ ਵਾਸ਼ਿੰਗਟਨ ਵਿੱਚ ਗੈਸ ਸਟੇਸ਼ਨਾਂ ਦੁਆਰਾ ਤੇਲ ਸਟੋਰੇਜ ਲਈ ਵਰਤੇ ਜਾਂਦੇ ਹਨ। ਪੂਰੇ ਰਾਜ ਵਿੱਚ 3,400 ਤੋਂ ਵੱਧ ਸਥਾਨਾਂ 'ਤੇ ਲਗਭਗ 8,700 ਅੰਡਰਗਰਾਉਂਡ ਸਟੋਰੇਜ ਟੈਂਕ ਮੌਜੂਦ ਹਨ। ਜਿਹੜੇ ਗੈਸ ਸਟੇਸ਼ਨ ਮੁੱਖ ਤੌਰ 'ਤੇ ਸੁਤੰਤਰ ਮਲਕੀਅਤ ਵਾਲੇ ਹਨ ਅਤੇ ਮਾਲਕ ਦੁਆਰਾ ਸੰਚਾਲਿਤ ਹੁੰਦੇ ਹਨ, ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਮੇਂ-ਸਮੇਂ 'ਤੇ ਅੰਡਰਗਰਾਉਂਡ ਸਟੋਰੇਜ ਟੈਂਕ ਦੀ ਜਾਂਚ, ਰੱਖ-ਰਖਾਅ ਅਤੇ ਸਰਵਿਸ ਦਾ ਕੰਮ ਕਰਵਾਉਣ। ਇਹ ਰੱਖ-ਰਖਾਅ ਦਾ ਕੰਮ ਕਰਨ ਵਾਲੇ ਸਰਵਿਸ ਪ੍ਰੋਵਾਈਡਰ ਪ੍ਰਮਾਣਿਤ ਹੋਣੇ ਚਾਹੀਦੇ ਹਨ, ਉਹਨਾਂ ਨੂੰ ਰਾਜ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਅੰਡਰਗਰਾਉਂਡ ਸਟੋਰੇਜ ਟੈਂਕ ਲਈ ਨਿਯਮਾਂ ਨੂੰ ਲਾਗੂ ਕਰਨ ਵਾਲੇ ਰਾਜ ਦੇ Department of Ecology (ਡਿਪਾਰਟਮੈਂਟ ਆਫ਼ ਈਕੋਲੋਜੀ) ਨੂੰ ਆਪਣੇ ਵੱਲੋਂ ਕੀਤੀਆਂ ਸਰਵਿਸਾਂ ਦੀ ਰਿਪੋਰਟ ਦੇਣੀ ਚਾਹੀਦੀ ਹੈ। ਇਸ਼ਤਿਹਾਰ ਵਿੱਚ "ਹੁਨਰਮੰਦ ਅਤੇ ਪ੍ਰਮਾਣਿਤ ਇਨ-ਹਾਊਸ ਟੀਮ" ਜੋ "ਅੱਵਲ ਦਰਜੇ ਦਾ ਕੰਮ ਕਰਦੀ ਹੈ" ਦਾ ਦਾਅਵਾ ਕਰਨ ਦੇ ਬਾਵਜੂਦ", Wilkerson ਅਤੇ ਉਹਨਾਂ ਦੀਆਂ ਕੰਪਨੀਆਂ ਲਗਭਗ 2015 ਤੋਂ ਛੋਟੇ ਕਾਰੋਬਾਰਾਂ ਦੇ ਮਾਲਕਾਂ ਦਾ ਫਾਇਦਾ ਚੱਕ ਰਹੀਆਂ ਹਨ, ਜਿਸ ਵਿੱਚ ਇਹ ਚੀਜ਼ਾਂ ਸ਼ਾਮਲ ਹਨ:

  • ਅਜਿਹੀਆਂ ਸਰਵਿਸਾਂ ਲਈ ਭੁਗਤਾਨ ਲੈਣਾ ਜੋ ਮੁਕੰਮਲ ਨਹੀਂ ਹੋਈਆਂ ਸਨ ਜਾਂ ਅਧੂਰੀਆਂ ਸਨ;
  • ਅਜਿਹੀ ਸਰਵਿਸ ਪ੍ਰਦਾਨ ਕਰਨਾ ਜਿਸ ਨਾਲ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਅਤੇ ਗਾਹਕਾਂ ਨੂੰ ਵਾਤਾਵਰਣ ਦੇ ਨੁਕਸਾਨ ਦਾ ਜ਼ਿੰਮੇਵਾਰ ਬਣਾਉਂਦੀ ਹੈ;
  • ਗਾਹਕਾਂ ਨੂੰ ਸਰਟੀਫਿਕੇਟਾਂ ਬਾਰੇ ਗਲਤ ਜਾਣਕਾਰੀ ਦੇਣਾ;
  • ਗੈਸ ਸਟੇਸ਼ਨ ਦੇ ਮਾਲਕਾਂ ਨੂੰ ਬੇਲੋੜੇ ਉਪਕਰਣ ਖਰੀਦਣ ਅਤੇ ਇੰਸਟਾਲ ਕਰਨ ਲਈ ਪਰੇਸ਼ਾਨ ਕਰਨਾ ਅਤੇ ਬੇਲੋੜੀ, ਮਹਿੰਗੀ ਮੁਰੰਮਤ ਕਰਨਾ; ਅਤੇ
  • ਗੈਸ ਸਟੇਸ਼ਨ ਦੇ ਮਾਲਕਾਂ ਨੂੰ ਦੱਸਣਾ ਕਿ ਉਹਨਾਂ ਨੇ ਲੋੜੀਂਦੇ ਦਸਤਾਵੇਜ਼ Ecology ਕੋਲ ਜਮ੍ਹਾ ਕਰਵਾ ਦਿੱਤੇ ਗਏ ਹਨ, ਪਰ ਅਸਲ ਵਿੱਚ ਜਮ੍ਹਾ ਨਹੀਂ ਕੀਤੇ ਗਏ ਹਨ।

ਇੱਕ ਮਾਮਲੇ ਵਿੱਚ, Toledo ਵਿੱਚ ਇੱਕ ਭਾਰਤੀ ਗੈਸ ਸਟੇਸ਼ਨ ਦੇ ਮਾਲਕ ਨੇ ਆਪਣੇ ਗੈਸ ਸਟੇਸ਼ਨ 'ਤੇ ਨਵਾਂ ਅੰਡਰਗਰਾਉਂਡ ਤੇਲ ਸਟੋਰੇਜ ਟੈਂਕ ਲਗਾਉਣ ਲਈ Wilkerson ਨੂੰ $50,000 ਦਾ ਡਿਪਾਜ਼ਿਟ ਅਦਾ ਕੀਤਾ ਸੀ। 6 ਮਹੀਨਿਆਂ ਬਾਅਦ, ਕਾਰੋਬਾਰ ਦੇ ਮਾਲਕ ਨੂੰ ਪਤਾ ਲੱਗਿਆ ਕਿ Wilkerson ਨੇ ਹਾਲੇ ਤੱਕ ਪਰਮਿਟ ਲਈ ਅਰਜ਼ੀ ਵੀ ਨਹੀਂ ਦਿੱਤੀ ਸੀ ਅਤੇ ਨਤੀਜੇ ਵਜੋਂ, ਕੰਮ ਸਮੇਂ ਸਿਰ ਸ਼ੁਰੂ ਨਹੀਂ ਹੋ ਸਕਿਆ। ਗੈਸ ਸਟੇਸ਼ਨ ਦੇ ਮਾਲਕ ਨੇ ਪਹਿਲਾਂ ਹੀ ਦੋ ਨਵੇਂ ਅੰਡਰਗਰਾਉਂਡ ਟੈਂਕ ਖਰੀਦ ਲਏ ਸਨ, ਹਰੇਕ ਵਿੱਚ 25,000 ਗੈਲਨ ਤੇਲ ਰੱਖਣ ਦੀ ਸਮਰੱਥਾ ਸੀ। ਪਰ ਉਹਨਾਂ ਨੂੰ ਇੰਸਟਾਲ ਕਰਨ ਲਈ ਕੋਈ ਥਾਂ ਨਾ ਹੋਣ ਕਾਰਨ, ਮਾਲਕ ਨੂੰ ਉਹ ਦੋ ਟੈਂਕ ਗੈਸ ਸਟੇਸ਼ਨ ਦੇ ਪਿੱਛੇ ਜ਼ਮੀਨ 'ਤੇ ਰੱਖਣ ਲਈ ਵਾਧੂ $7,000 ਦਾ ਭੁਗਤਾਨ ਕਰਨਾ ਪਿਆ। ਗੈਸ ਸਟੇਸ਼ਨ ਦੇ ਮਾਲਕ ਨੂੰ ਇਹ ਕੰਮ ਪੂਰਾ ਕਰਨ ਲਈ ਇੱਕ ਵੱਖਰੇ ਕੌਨਟਰੈਕਟਰ ਨੂੰ ਲਗਾਉਣਾ ਪਿਆ। ਹੁਣ ਇਹ ਕੰਮ 2025 ਦੀਆਂ ਗਰਮੀਆਂ ਤੋਂ ਪਹਿਲਾਂ ਪੂਰਾ ਨਹੀਂ ਹੋਵੇਗਾ। ਇਸ ਦੇ ਨਤੀਜੇ ਵਜੋਂ ਉਦੋਂ ਤੱਕ ਕਾਰੋਬਾਰ ਨੂੰ ਹਰ ਮਹੀਨੇ ਆਪਣੀ ਵਿਕਰੀ ਵਿੱਚ ਘਾਟੇ ਦਾ ਸਾਹਮਣਾ ਕਰਨਾ ਪਵੇਗਾ।

ਇੱਕ ਹੋਰ ਮਾਮਲੇ ਵਿੱਚ, Olympia ਵਿੱਚ ਇੱਕ ਕੋਰੀਆਈ ਗੈਸ ਸਟੇਸ਼ਨ ਦੇ ਮਾਲਕ ਨੇ ਗੈਸ ਸਟੇਸ਼ਨ ਦੇ ਕੈਥੋਡਿਕ ਪ੍ਰੋਟੈਕਸ਼ਨ ਸਿਸਟਮ ਨੂੰ ਅੱਪਗਰੇਡ ਕਰਨ ਲਈ Wilkerson ਨੂੰ $9,000 ਦਾ ਭੁਗਤਾਨ ਕੀਤਾ ਸੀ। ਇਹ ਸਿਸਟਮ ਜ਼ਮੀਨ ਦੇ ਹੇਠਾਂ ਤੇਲ ਨੂੰ ਲੀਕ ਹੋਣ ਤੋਂ ਰੋਕਣ ਲਈ ਅੰਡਰਗਰਾਉਂਡ ਸਟੋਰੇਜ ਟੈਂਕ ਨੂੰ ਖੋਰ ਤੋਂ ਬਚਾਉਂਦਾ ਹੈ। Wilkerson ਨੇ ਢੁਕਵੇਂ ਸਰਟੀਫਿਕੇਟ ਤੋਂ ਬਿਨਾਂ ਕੰਮ ਕੀਤਾ ਸੀ ਅਤੇ ਸਿਸਟਮ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ ਇਹ ਜਾਂਚ ਕਰਨ ਵਾਸਤੇ ਲੋੜੀਂਦੇ ਟੈਸਟ ਕਰਨ ਲਈ ਉਹ ਕਦੇ ਵਾਪਸ ਵੀ ਨਹੀਂ ਆਏ ਸਨ। ਜਦੋਂ ਗੈਸ ਸਟੇਸ਼ਨ ਦੇ ਮਾਲਕ ਨੇ ਭੁਗਤਾਨ ਕਰਕੇ ਕਿਸੇ ਹੋਰ ਸਰਵਿਸ ਪ੍ਰੋਵਾਈਡਰ ਤੋਂ ਲੋੜੀਂਦੇ ਟੈਸਟ ਕਰਵਾਏ ਤਾਂ ਸਿਸਟਮ ਫੇਲ੍ਹ ਹੋ ਗਿਆ। ਮਾਲਕ ਨੂੰ ਪਤਾ ਲੱਗਾ ਕਿ Wilkerson ਨੇ ਗਲਤ ਪੁਰਜ਼ਿਆਂ ਦੀ ਵਰਤੋਂ ਕੀਤੀ ਸੀ ਅਤੇ ਉਹਨਾਂ ਨੂੰ ਸਾਰਾ ਕੰਮ ਦੁਬਾਰਾ ਕਰਵਾਉਣ ਲਈ ਦੁਬਾਰਾ ਖਰਚਾ ਕਰਨਾ ਪਿਆ। Wilkerson ਨੇ ਗੈਸ ਸਟੇਸ਼ਨ ਦੇ ਮਾਲਕ ਨੂੰ ਜਵਾਬ ਦੇਣਾ ਬੰਦ ਕਰ ਦਿੱਤਾ ਸੀ ਅਤੇ ਕਦੇ ਵੀ ਆਪਣੇ ਘਟੀਆ ਜਿਹੇ ਕੰਮ ਲਈ ਪੈਸੇ ਵਾਪਸ ਵੀ ਨਹੀਂ ਕੀਤੇ।

ਭਾਵੇਂ ਅਦਾਲਤ ਵੱਲੋਂ ਸ਼ੁੱਕਰਵਾਰ ਨੂੰ ਪ੍ਰਦਾਨ ਕੀਤਾ ਗਿਆ ਮੁਆਵਜ਼ਾ ਸਿਰਫ਼ 9 ਕਾਰੋਬਾਰੀ ਮਾਲਕਾਂ ਤੱਕ ਸੀਮਿਤ ਹੈ ਜਿਹਨਾਂ ਨੇ ਅਦਾਲਤ ਨੂੰ ਘੋਸ਼ਣਾ ਪੱਤਰ ਸੌਂਪੇ ਸਨ, Attorney General’s Office ਦਾ ਮੰਨਣਾ ਹੈ ਕਿ Wilkerson ਦੇ ਇਸ ਵਿਵਹਾਰ ਕਾਰਨ ਹੋਰ ਕਈ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਿਆ ਹੋ ਸਕਦਾ ਹੈ। ਕਾਰੋਬਾਰਾਂ ਦੇ ਮਾਲਕ, ਜੋ Wilkerson ਜਾਂ ਉਹਨਾਂ ਦੀਆਂ ਕੰਪਨੀਆਂ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਕਰਨਾ ਚਾਹੁੰਦੇ ਹਨ, ਉਹਨਾਂ ਨੂੰ civilrights@atg.wa.gov 'ਤੇ ਜਾ ਕੇ ਜਾਂ ਟੋਲ-ਫਰੀ ਨੰਬਰ 1-833-660-4877 'ਤੇ ਕਾਲ ਕਰਕੇ ਅਤੇ ਵਿਕਲਪ ਨੰਬਰ 1 ਚੁਣ ਕੇ Attorney General’s Office ਨਾਲ ਸੰਪਰਕ ਕਰਨਾ ਚਾਹੀਦਾ ਹੈ।

ਅਸਿਸਟੈਂਟ ਅਟਾਰਨੀ ਜਨਰਲ Emily C. Nelson ਅਤੇ Alyssa P. Au, ਜਾਂਚਕਰਤਾ Rebecca Pawul, ਅਤੇ Paralegal Logan Young ਨੇ ਵਾਸ਼ਿੰਗਟਨ ਲਈ ਕੇਸ ਦਾ ਸੰਚਾਲਨ ਕੀਤਾ ਸੀ।

Ecology ਨੇ ਅਟਾਰਨੀ ਜਨਰਲ ਨੂੰ Wilkerson ਵੱਲੋਂ ਵਾਰ-ਵਾਰ ਕੀਤੀਆਂ ਜਾ ਰਹੀਆਂ ਉਲੰਘਣਾਵਾਂ ਦੀ ਜਾਂਚ ਕਰਨ ਲਈ ਕਿਹਾ ਹੈ

Attorney General’s Office ਨੇ ਮਾਰਚ ਵਿੱਚ Wilkerson ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ ਸੀ ਜਦੋਂ ਰਾਜ ਦੇ Department of Ecology (ਡਿਪਾਰਟਮੈਂਟ ਆਫ਼ ਈਕੋਲੋਜੀ) ਨੇ ਆਫ਼ਿਸ ਨੂੰ ਦਖਲ ਦੇਣ ਦੀ ਬੇਨਤੀ ਕੀਤੀ ਸੀ। ਸਾਲਾਂ ਤੋਂ, Wilkerson ਨੇ ਵਾਰ-ਵਾਰ ਰਾਜ ਦੇ ਨਿਯਮਾਂ ਦੀ ਉਲੰਘਣਾ ਕੀਤੀ ਅਤੇ Ecology ਦੁਆਰਾ ਲਗਾਏ ਗਏ ਜੁਰਮਾਨਿਆਂ ਨੂੰ ਅਣਡਿੱਠਾ ਕੀਤਾ ਸੀ।

Ecology ਨੂੰ ਕਈ ਸਾਲਾਂ ਤੋਂ Wilkerson ਬਾਰੇ ਗੈਸ ਸਟੇਸ਼ਨ ਦੇ ਮਾਲਕਾਂ ਅਤੇ ਓਪਰੇਟਰਾਂ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਉਹਨਾਂ ਨੂੰ ਘਟੀਆ ਕੰਮ ਲਈ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ, ਜਿਹਨਾਂ ਕਾਰਨ ਵਾਤਾਵਰਣ ਨੂੰ ਨੁਕਸਾਨ ਹੋਣ ਦਾ ਖਤਰਾ ਵਧ ਗਿਆ ਹੈ ਜਿਵੇਂ ਕਿ ਅੰਡਰਗਰਾਉਂਡ ਤੇਲ ਲੀਕ ਹੋਣਾ।

ਜੁਰਮਾਨਿਆਂ ਦੇ ਬਾਵਜੂਦ, Wilkerson ਵਿੱਚ ਕੋਈ ਸੁਧਾਰ ਨਹੀਂ ਹੋਇਆ। Ecology ਨੂੰ Wilkerson ਦੇ ਉਸੇ ਵਿਵਹਾਰ ਬਾਰੇ ਨਵੀਆਂ ਸ਼ਿਕਾਇਤਾਂ ਮਿਲਣੀਆਂ ਜਾਰੀ ਰਹੀਆਂ।

Ecology ਦੇ ਅੰਡਰਗਰਾਉਂਡ ਸਟੋਰੇਜ ਟੈਂਕ ਪ੍ਰੋਗਰਾਮ ਕੋਲ ਸ਼ਿਕਾਇਤ ਦਰਜ ਕਰਨ ਲਈ, tanks@ecy.wa.gov 'ਤੇ ਈਮੇਲ ਕਰੋ ਜਾਂ 800-826-7716 'ਤੇ UST ਹੌਟਲਾਈਨ ਨੂੰ ਕਾਲ ਕਰੋ।

ਜੇਕਰ ਕਿਸੇ ਵੀ ਵਿਅਕਤੀ ਨੂੰ ਲੱਗਦਾ ਹੈ ਕਿ ਉਹ ਅਣਉਚਿਤ ਜਾਂ ਧੋਖੇਬਾਜ਼ ਕਾਰੋਬਾਰੀ ਅਭਿਆਸਾਂ ਦਾ ਸ਼ਿਕਾਰ ਹੋਏ ਹਨ, ਤਾਂ ਉਹਨਾਂ ਨੂੰ Attorney General’s Office ਕੋਲ ਸ਼ਿਕਾਇਤ ਦਰਜ ਕਰਨੀ ਚਾਹੀਦੀ ਹੈ: https://www.atg.wa.gov/file-complaint

 

ਕੈਪਸ਼ਨ: Wilkerson ਨੂੰ ਜਿਸ ਗੈਸ ਸਟੇਸ਼ਨ 'ਤੇ ਸਰਵਿਸ ਦਾ ਕੰਮ ਦਿੱਤਾ ਗਿਆ ਸੀ, ਉੱਥੇ ਉਹਨਾਂ ਵੱਲੋਂ ਕੀਤੇ ਘਟੀਆ ਜਿਹੇ ਕੰਮ ਦਾ ਨਿਰੀਖਣ ਕਰਨ 'ਤੇ Ecology ਨੂੰ ਪਤਾ ਲੱਗਿਆ ਕਿ ਉਹਨਾਂ ਨੇ ਮੁਰੰਮਤ ਵਿੱਚ ਗੱਤੇ ਅਤੇ ਡਕਟ ਟੇਪ ਦੀ ਵਰਤੋਂ ਕੀਤੀ ਸੀ।

Legal Disclaimer:

EIN Presswire provides this news content "as is" without warranty of any kind. We do not accept any responsibility or liability for the accuracy, content, images, videos, licenses, completeness, legality, or reliability of the information contained in this article. If you have any complaints or copyright issues related to this article, kindly contact the author above.